ਨਸ਼ਿਆਂ ਤੋਂ ਮਨੋਭਾਵਾਂ ਨੂੰ ਪ੍ਰਗਟ ਕਰਨ ਤੱਕ: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੇ 15 ਜ਼ਿਲ੍ਹਿਆਂ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਆਰਟ ਥੈਰੇਪੀ ਨਾਲ ਸੰਵਰ ਰਹੀਆਂ ਹਨ ਕਈ ਜ਼ਿੰਦਗੀਆਂ
ਚੰਡੀਗੜ੍ਹ, 8 ਜੂਨ: ਰੰਗ, ਪੇਂਟ ਬੁਰਸ਼ ਅਤੇ ਸਕੈੱਚ ਬੁੱਕ ਭਾਵੇਂ ਅਸਧਾਰਨ ਸਾਧਨ ਲੱਗਣ, ਪਰ ਇਹ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੀ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਚੱਲ ਰਹੇ 30 ਸਰਕਾਰੀ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਆਰਟ ਥੈਰੇਪੀ ਸੈਸ਼ਨ ਮਰੀਜ਼ਾਂ ਦੀ ਰਿਕਵਰੀ ਅਤੇ ਪੁਨਰਵਾਸ ਪ੍ਰਕਿਰਿਆ ਨੂੰ ਮਜ਼ਬੂਤ ਕਰ ਰਹੇ ਹਨ। ਇਹ ਸੈਸ਼ਨ ਮਰੀਜ਼ਾਂ ਨੂੰ ਨਸ਼ਾ ਛੱਡਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ, ਆਪਣੀਆਂ ਭਾਵਨਾਵਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਅਤੇ ਮੁੜ ਆਤਮ-ਵਿਸ਼ਵਾਸ ਪ੍ਰਾਪਤ ਕਰਨ ਵਿੱਚ ਮੱਦਦ ਕਰ ਰਹੇ ਹਨ।
ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸਮੁੱਚੀ ਪੁਨਰਵਾਸ ਯੋਜਨਾ ਤਹਿਤ, ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਅਤੇ ਉਨ੍ਹਾਂ ਨੂੰ ਘਟਾਉਣ ਲਈ ਸਮਰਪਿਤ ਭਾਰਤ ਦੀ ਪਹਿਲੀ ਫੈਲੋਸ਼ਿਪ ਵਜੋਂ ਸਕੈਚਿੰਗ, ਪੇਂਟਿੰਗ, ਰੰਗ ਭਰਨਾ ਅਤੇ ਹਸਤ-ਕਲਾ ਤਿਆਰ ਕਰਨ ਵਰਗੀਆਂ ਕਲਾ-ਆਧਾਰਿਤ ਗਤੀਵਿਧੀਆਂ ਨੂੰ ਡਾਕਟਰੀ ਇਲਾਜ ਅਤੇ ਕਾਊਂਸਲਿੰਗ ਦੇ ਨਾਲ-ਨਾਲ ਅਪਣਾਇਆ ਜਾ ਰਿਹਾ ਹੈ। ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲ ਮਰੀਜ਼ਾਂ ਵਿੱਚ ਕਲਾ-ਆਧਾਰਿਤ ਥੈਰੇਪੀ ਬਹੁਤ ਹੀ ਸਕਾਰਾਤਮਕ ਅਤੇ ਉਤਸ਼ਾਹਜਨਕ ਨਤੀਜੇ ਦੇ ਰਹੀ ਹੈ।
ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ ਹਰ ਹਫ਼ਤੇ ਨਿਰਧਾਰਤ ਸਮੇਂ ਲਈ ਕਲਾ-ਸਬੰਧੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਅਕਸਰ ਉਨ੍ਹਾਂ ਦੇ ਨਿੱਜੀ ਜੀਵਨ, ਪਿਆਰਿਆਂ ਦੀਆਂ ਯਾਦਾਂ, ਸੰਘਰਸ਼ਾਂ ਅਤੇ ਆਮ ਜੀਵਨ ਜਿਉਣ ਦੀਆਂ ਇੱਛਾਵਾਂ ਨੂੰ ਦਰਸਾਉਂਦੀਆਂ ਹਨ।
ਨਸ਼ੇ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਉਨ੍ਹਾਂ ਨੂੰ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ, ਤਜਰਬਿਆਂ ਅਤੇ ਮਨੋਭਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ। ਆਰਟ ਥੈਰੇਪੀ ਇਸ ਦੂਰੀ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ।
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਕਾਊਂਸਲਰ ਭਾਵਨਾ ਸ਼ਰਮਾ ਕਹਿੰਦੀ ਹੈ, “ਜਦੋਂ ਮਰੀਜ਼ ਸਾਡੇ ਕੋਲ ਆਉਂਦੇ ਹਨ ਤਾਂ ਉਹ ਬਹੁਤ ਘੱਟ ਗੱਲ ਕਰਦੇ ਹਨ। ਉਹ ਚਿੰਤਾ ਨਾਲ ਗ੍ਰਸਤ ਹੁੰਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਆਰਟ ਥੈਰੇਪੀ ਸੈਸ਼ਨਾਂ ਦੌਰਾਨ ਉਹ ਰੰਗ ਭਰਨ ਅਤੇ ਚਿੱਤਰਕਾਰੀ ਵਰਗੀਆਂ ਗਤੀਵਿਧੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਹਨ। ਅਸੀਂ ਮਲਟੀਮੋਡਲ ਆਰਟ ਥੈਰੇਪੀ, ਵਿਜ਼ੂਅਲ ਆਰਟ ਥੈਰੇਪੀ, ਐਕਸਪ੍ਰੈਸਿਵ ਆਰਟ ਥੈਰੇਪੀ ਅਤੇ ਮਾਈਂਡਫੁਲਨੈੱਸ-ਅਧਾਰਿਤ ਕਲਾ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ, ਤਾਂ ਜੋ ਮਰੀਜ਼ ਆਪਣੀਆਂ ਭਾਵਨਾਵਾਂ ਨੂੰ ਸਮਝ ਸਕਣ, ਨਸ਼ਾ-ਮੁਕਤ ਜੀਵਨ ਵੱਲ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣ ਅਤੇ ਭਵਿੱਖ ਪ੍ਰਤੀ ਆਸ਼ਾਵਾਦੀ ਰਹਿ ਸਕਣ।”
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਇੱਕ ਹੋਰ ਕਾਊਂਸਲਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਇਹ ਸੈਸ਼ਨ ਮਰੀਜ਼ਾਂ ਨੂੰ ਰਿਕਵਰੀ ਦੌਰਾਨ ਸਕਾਰਾਤਮਕ ਬਣਾਈ ਰੱਖਣ ਵਿੱਚ ਵੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ,“ਰਿਕਵਰੀ ਦੌਰਾਨ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਆਰਟ ਥੈਰੇਪੀ ਉਨ੍ਹਾਂ ਨੂੰ ਚਿੱਤਰਕਾਰੀ, ਰੰਗ ਭਰਨ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਇੱਕ ਸੁਰੱਖਿਅਤ ਮਾਧਿਅਮ ਪ੍ਰਦਾਨ ਕਰਦੀ ਹੈ। ਅਸੀਂ ਦੇਖਿਆ ਹੈ ਕਿ ਅਜਿਹੇ ਮਰੀਜ਼ ਵਧੇਰੇ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਅੰਦਰੂਨੀ ਸਕੂਨ ਦੀ ਭਾਵਨਾ ਵਿਕਸਿਤ ਹੁੰਦੀ ਹੈ।”
ਉਨ੍ਹਾਂ ਨੇ ਐਲਐਮਐਚਪੀ ਫੈਲੋਸ਼ਿਪ ਵਰਗੀ ਨਵੀਨਤਾਕਾਰੀ ਪਹਿਲ ਦੀ ਵੀ ਸ਼ਲਾਘਾ ਕੀਤੀ, ਜਿਸ ਰਾਹੀਂ ਮਨੋਵਿਗਿਆਨ ਅਤੇ ਸਮਾਜਿਕ ਕਾਰਜ ਦੇ ਖੇਤਰ ਨਾਲ ਜੁੜੇ ਨੌਜਵਾਨ, ਪੇਸ਼ੇਵਰ ਸਰਕਾਰੀ ਸਿਹਤ ਸੰਸਥਾਵਾਂ ਤੱਕ ਆਧੁਨਿਕ ਮਾਨਸਿਕ ਸਿਹਤ ਸੇਵਾਵਾਂ ਪਹੁੰਚਾ ਰਹੇ ਹਨ।
ਇਲਾਜ ਪ੍ਰਾਪਤ ਕਰ ਰਹੇ ਮਰੀਜ਼ਾਂ ਦਾ ਕਹਿਣਾ ਹੈ ਕਿ ਆਰਟ ਥੈਰੇਪੀ ਦੇ ਲਾਭ ਸਿਰਫ਼ ਕਲਾ ਕਮਰੇ ਤੱਕ ਸੀਮਿਤ ਨਹੀਂ ਹਨ। ਕਈ ਮਰੀਜ਼ਾਂ ਦਾ ਮੰਨਣਾ ਹੈ ਕਿ ਇਹ ਸੈਸ਼ਨ ਉਨ੍ਹਾਂ ਦਾ ਧਿਆਨ ਨਸ਼ੇ ਦੀ ਤਲਬ ਤੋਂ ਹਟਾਉਣ ਅਤੇ ਆਤਮ-ਵਿਸ਼ਵਾਸ ਮੁੜ ਹਾਸਲ ਕਰਨ ਵਿੱਚ ਮਦਦ ਕਰਦੇ ਹਨ।
ਤਰਨ ਤਾਰਨ ਦੇ ਇੱਕ ਨਸ਼ਾ ਮੁਕਤੀ ਲਾਭਪਾਤਰੀ ਗੁਰਤੇਜ ਸਿੰਘ (ਬਦਲਿਆ ਹੋਇਆ ਨਾਮ) ਨੇ ਕਿਹਾ, “ਜਦੋਂ ਤੋਂ ਮੈਨੂੰ ਆਰਟ ਥੈਰੇਪੀ, ਫੁੱਲਾਂ ਦੇ ਗੁਲਦਸਤੇ ਬਣਾਉਣ, ਰੰਗ ਭਰਨ ਅਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਗਿਆ ਹੈ, ਮੈਨੂੰ ਅਹਿਸਾਸ ਹੋਇਆ ਹੈ ਕਿ ਅਜਿਹੀਆਂ ਛੋਟੀਆਂ-ਛੋਟੀਆਂ ਸੁੰਦਰ ਚੀਜ਼ਾਂ ਵੀ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦੀਆਂ ਹਨ। ਮੇਰੇ ਮਾਮਲੇ ਵਿੱਚ ਇਸ ਨਾਲ ਨਸ਼ਾ ਛੱਡਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਉਭਰਨ ਵਿੱਚ ਬਹੁਤ ਮਦਦ ਮਿਲੀ। ਹੁਣ ਮੇਰੇ ਮਨ ਵਿੱਚ ਨਕਾਰਾਤਮਕ ਵਿਚਾਰ ਨਹੀਂ ਆਉਂਦੇ ਅਤੇ ਮੈਂ ਪੂਰੀ ਤਰ੍ਹਾਂ ਸ਼ਾਂਤ ਮਹਿਸੂਸ ਕਰਦਾ ਹਾਂ।”
ਸਰਕਾਰੀ ਨਸ਼ਾ ਮੁਕਤੀ ਅਤੇ ਪੁਨਰਵਾਸ ਪ੍ਰੋਗਰਾਮ ਦੇ ਇੱਕ ਹੋਰ ਲਾਭਪਾਤਰੀ ਰੁਪਿੰਦਰ ਸਿੰਘ (ਬਦਲਿਆ ਹੋਇਆ ਨਾਮ), ਜੋ ਰਾਜਾ ਸਾਂਸੀ ਦੇ ਵਸਨੀਕ ਹਨ ਅਤੇ ਇਸ ਵੇਲੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੁਨਰਵਾਸ ਕੇਂਦਰ ਵਿੱਚ ਦਾਖ਼ਲ ਹਨ, ਨੇ ਕਿਹਾ, “ਆਰਟ ਥੈਰੇਪੀ ਨੇ ਮੈਨੂੰ ਮਾਨਸਿਕ ਸ਼ਾਂਤੀ ਦਿੱਤੀ ਹੈ। ਪਹਿਲਾਂ ਮੈਂ ਲਗਾਤਾਰ ਡਿਪਰੈਸ਼ਨ ਵਿੱਚ ਰਹਿੰਦਾ ਸੀ। ਸਕੂਲ ਦੇ ਦਿਨਾਂ ਵਿੱਚ ਹੀ ਮੈਂ ਨਸ਼ਿਆਂ ਦਾ ਆਦੀ ਹੋ ਗਿਆ ਸੀ। ਇੱਥੇ ਮਿਲੇ ਇਲਾਜ ਤੋਂ ਮੈਨੂੰ ਬਹੁਤ ਲਾਭ ਹੋਇਆ ਹੈ। ਖ਼ਾਸ ਤੌਰ ’ਤੇ ਆਰਟ ਥੈਰੇਪੀ ਨੇ ਮੇਰਾ ਧਿਆਨ ਨਸ਼ੇ ਵੱਲ ਜਾਣ ਵਾਲੀ ਕਿਸੇ ਵੀ ਇੱਛਾ ਤੋਂ ਦੂਰ ਕਰ ਦਿੱਤਾ। ਹੁਣ ਮੈਂ ਵਧੇਰੇ ਖ਼ੁਸ਼ ਮਹਿਸੂਸ ਕਰਦਾ ਹਾਂ।”
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ, “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਹਰ ਵਿਅਕਤੀ ਨੂੰ ਆਰਟ ਥੈਰੇਪੀ ਸੈਸ਼ਨਾਂ ਰਾਹੀਂ ਭਾਵਨਾਤਮਕ ਅਤੇ ਮਨੋਵਿਗਿਆਨਕ ਸਹਿਯੋਗ ਮਿਲੇ। ਪੁਨਰਵਾਸ ਸਿਰਫ਼ ਨਸ਼ੇ ਨੂੰ ‘ਨਾਂਹ’ ਕਹਿਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਮਰੀਜ਼ਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ, ਉਨ੍ਹਾਂ ਦੇ ਜੀਵਨ ਨੂੰ ਮੁੜ ਸੰਵਾਰਨ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਦੁਬਾਰਾ ਜੋੜਨ ਦੀ ਪ੍ਰਕਿਰਿਆ ਹੈ।”
ਸਿਰਫ਼ ਇੱਕ ਹਫ਼ਤੇ ਦੌਰਾਨ ਗੁਰਤੇਜ ਅਤੇ ਰੁਪਿੰਦਰ ਵਰਗੇ 290 ਤੋਂ ਵੱਧ ਮਰੀਜ਼ਾਂ ਨੇ ਆਰਟ ਥੈਰੇਪੀ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਲਾਭ ਪ੍ਰਾਪਤ ਕੀਤਾ। ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਨ੍ਹਾਂ ਸੈਸ਼ਨਾਂ ਦੀ ਵਧਦੀ ਪ੍ਰਸਿੱਧੀ ਅਤੇ ਸਫ਼ਲਤਾ ਭਗਵੰਤ ਮਾਨ ਸਰਕਾਰ ਦੀ ਇਲਾਜ ਪ੍ਰਤੀ ਮਰੀਜ਼-ਕੇਂਦ੍ਰਿਤ ਪਹੁੰਚ ਨੂੰ ਦਰਸਾਉਂਦੀ ਹੈ।
ਰਚਨਾਤਮਕ ਗਤੀਵਿਧੀਆਂ ਰਾਹੀਂ ਭਾਵਨਾਵਾਂ ਪ੍ਰਗਟਾਵੇ ਨਸ਼ਿਆਂ ਤੋਂ ਪੀੜਤ ਲੋਕਾਂ ਵਿੱਚ ਆਤਮ-ਸਨਮਾਨ ਵਿਕਸਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਦੇ ਰਾਹ ’ਤੇ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਇਹ ਸਧਾਰਨ ਗਤੀਵਿਧੀਆਂ ਨਸ਼ਾ ਪੀੜਤਾਂ ਨੂੰ ਆਪਣੇ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਇੱਕ ਨਵਾਂ ਕੈਨਵਸ ਪ੍ਰਦਾਨ ਕਰ ਰਹੀਆਂ ਹਨ।