ਕੋਟਕਪੂਰਾ, 18 ਅਕਤੂਬਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਵਿਖੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜ ਵੀਰਾਂ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਸੜਕ ਦੇ ਨਿਰਮਾਣ ਤੇ ਕਰੀਬ 1 ਕਰੋੜ 40 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਡੇਢ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਕੇ ਦੇ ਵਸਨੀਕਾਂ ਅਤੇ ਸਾਥੀਆਂ ਵੱਲੋਂ ਇਸ ਸੜਕ ਦੇ ਨਿਰਮਾਣ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੇ ਵਿਕਾਸ ਦੀ ਅਹਿਮ ਕੜੀ ਹੁੰਦੀਆਂ ਹਨ। ਵਧੀਆ ਸੜਕੀ ਨੈੱਟਵਰਕ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲਦੀ ਹੈ ਅਤੇ ਪਿੰਡਾਂ ਦਾ ਸ਼ਹਿਰਾਂ ਨਾਲ ਸੰਪਰਕ ਵੀ ਬਿਹਤਰ ਹੁੰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੜਕ ਦਾ ਨਿਰਮਾਣ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਵਾਉਣ ਲਈ ਯਤਨ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਇਸ ਦਾ ਲਾਭ ਮਿਲ ਸਕੇ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਨੂੰ ਬਿਹਤਰ ਬਣਾਉਣ ਨਾਲ ਲੋਕਾਂ ਨੂੰ ਰੋਜ਼ਾਨਾ ਦੇ ਸਫ਼ਰ ਦੌਰਾਨ ਵੱਡੀ ਰਾਹਤ ਮਿਲੇਗੀ ਅਤੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।
ਸ. ਸੰਧਵਾਂ ਨੇ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਦੀਆਂ ਰਹਿਣਗੀਆ।
ਇਸ ਮੌਕੇ ਅਮਨਦੀਪ ਸਿੰਘ ਬਾਬਾ ਚੈਅਰਮੈਨ ਮਾਰਕੀਟ ਕਮੇਟੀ ,ਸੁਖਵੰਤ ਸਿੰਘ ਪੱਕਾ ਸਟੇਟ ਜੁਆਇੰਟ ਸੈਕਟਰੀ ਯੂਥ ਵਿੰਗ ਪੰਜਾਬ,ਸਰਪੰਚ ਮਲਕੀਤ ਸਿੰਘ,ਸਰਪੰਚ ਗੁਰਸੇਵਕ ਸਿੰਘ,ਸਰਪੰਚ ਸਰਬਜੀਤ ਕੌਰ,ਜੋਗਿੰਦਰ ਸਿੰਘ,ਬੱਬੂ ਸੇਖੋਂ,ਜਸਵੀਰ ਸਿੰਘ ਬਰਾੜ ,ਗੁਰਇੰਦਰ ਸਿੰਘ ਚਾਨਾ ,ਗੁਰਮੀਤ ਸਿੰਘ,ਗੋਰਵ ਅਰੋੜਾ,ਗੁਰਦੀਪ ਸਿੰਘ,ਸਰਪੰਚ ਸਰਬਜੀਤ ਸਿੰਘ,ਲਵਪ੍ਰੀਤ ਸ਼ਰਮਾ,ਗੋਗੋ ਸਰਾਂ,ਜਸਵਿੰਦਰ ਸਿੰਘ ਢੁੱਡੀ,ਲਾਡੀ ਢੁੱਡੀ, ਸੁਬੇਗ ਸਿੰਘ,ਪਾਲ ਸਿੰਘ, ,ਜਸਵੰਤ ਸਿੰਘ ਚੈਅਰਮੈਨ, ਜੇਪੀ ਸਰਾਂ,ਨਿਰਮਲ ਸਿੰਘ,ਪ੍ਰੀਤਮ ਸਿੰਘ,ਛਿੰਦਰ ਸਿੰਘ ,ਲਖਵੀਰ ਸਿੰਘ ,ਡਾਕਟਰ ਸੁਖਮੰਦਰ ਸਿੰਘ,ਸਤਪਾਲ ਸਿੰਘ ਸੱਤੀ ,ਸਤਨਾਮ ਸਿੰਘ ਮਿਸ਼ਰੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

